APNEE AGLEE MARKET ithe labho

APNEE AGLEE MARKET ithe labho

ਕਨੇਡਾ ਵਾਸੀਆਂ ਲਈ ਲਾਭ

ਕਨੇਡਾ ਦੀ ਖੁਸ਼ਹਾਲੀ ਦਾ ਸੰਬੰਧ ਸਾਡੀਆਂ ਸਰਹੱਦਾਂ ਤੋਂ ਬਾਹਰਲੇ ਆਰਥਿਕ ਮੌਕਿਆਂ ਨਾਲ ਹੈ। ਦਰਅਸਲ, ਕਨੇਡਾ ਦੀ ਸਾਲਾਨਾ ਆਮਦਨ (ਜੀ.ਡੀ.ਪੀ.) ਦਾ 60 ਫ਼ੀ ਸਦੀ ਹਿੱਸਾ ਵਪਾਰ (ਟ੍ਰੇਡ) ਬਣਦਾ ਹੈ, ਅਤੇ ਕਨੇਡਾ ਦੇ ਹਰ ਪੰਜ ਵਿੱਚੋਂ ਇੱਕ ਰੁਜ਼ਗਾਰ ਦਾ ਸੰਬੰਧ ਬਰਾਮਦਾਂ (ਐਕਸਪੋਰਟਸ) ਨਾਲ ਹੈ।

ਸੰਨ 2011 ਵਿੱਚ ਕਨੇਡਾ ਦਾ ਦੁਨੀਆਂ ਨਾਲ ਕੁੱਲ ਵਪਾਰ $1.1 ਟ੍ਰਿਲੀਅਨ ਹੋ ਗਿਆ ਸੀ – ਹਰ ਕਨੇਡਾ ਵਾਸੀ ਲਈ $$32,000 ਦੇ ਬਰਾਬਰ। ਬਰਾਮਦਾਂ $539 ਬਿਲੀਅਨ ਸਨ ਜਦਕਿ ਦਰਾਮਦਾਂ (ਇਮਪੋਰਟਸ) $561 ਬਿਲੀਅਨ ਸਨ, ਜਿਸ ਨਾਲ ਸਾਰੇ ਕਨੇਡਾ ਵਾਸੀਆਂ ਲਈ ਦੁਨੀਆਂ ਭਰ ਦੇ ਉਤਪਾਦ ਅਤੇ ਸੇਵਾਵਾਂ ਦਾ ਆਨੰਦ ਮਾਣਨ ਦੇ ਮੌਕੇ ਪੇਸ਼ ਆਏ। 

ਵਪਾਰ ਨਾਲ ਕਨੇਡੀਅਨ ਕੰਪਨੀਆਂ ਅਤੇ ਕਰਮਚੀਆਂ ਨੂੰ ਆਪਣੇ ਹੁਨਰਾਂ ਮੁਤਾਬਕ ਵੱਧ ਤੋਂ ਵੱਧ ਮੁਹਾਰਤ ਹਾਸਲ ਕਰਨ – ਨਵੀਨਕਾਰਤਾ, ਪ੍ਰਤੀਯੋਗਤਾ ਅਤੇ ਕਾਮਯਾਬੀ ਨੂੰ ਵਧਾਉਣ – ਦੀ ਹੱਲਾਸ਼ੇਰੀ ਮਿਲਦੀ ਹੈ । ਵਪਾਰ ਨਾਲ ਖ਼ਪਤਕਾਰਾਂ ਨੂੰ ਘੱਟ ਲਾਗਤ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਵਡੇਰੀ ਚੁਣਤ ਵਿੱਚੋਂ ਆਪਣੀ ਪਸੰਦ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ, ਵਪਾਰ ਨਾਲ ਕਾਮੇ ਵਧੇਰੇ ਮਿਹਨਤਾਨਾ ਲੈਣ ਦੇ ਕਾਬਲ ਬਣਦੇ ਹਨ। ਉਤਪਾਦ ਅਤੇ ਸੇਵਾਵਾਂ ਬਰਾਮਦ ਕਰਨ ਵਾਲੇ ਅਦਾਰਿਆਂ ਵਿੱਚ ਰੁਜ਼ਗਾਰਸ਼ੁਦਾ ਕਨੇਡਾ ਵਾਸੀ ਬਰਾਮਦ ਨਾ ਕਰਨ ਵਾਲੇ ਅਦਾਰਿਆਂ ਵਿਚਲੇ ਕਾਮਿਆਂ ਨਾਲੋਂ 14 ਫ਼ੀ ਸਦੀ ਵਧੇਰੇ ਮਿਹਨਤਾਨਾ ਪਾਉਂਦੇ ਹਨ। ਸੰਖੇਪ ਵਿੱਚ, ਵਪਾਰ ਨਾਲ ਕਨੇਡਾ ਦੀ ਖੁਸ਼ਹਾਲੀ ਵਧਦੀ ਹੈ ਅਤੇ ਸਾਡਾ ਜੀਵਨ-ਮਿਆਰ ਉੱਚਾ ਹੁੰਦਾ ਹੈ। ਕਨੇਡਾ ਦੇ ਹਰ ਕੋਨੇ ਵਿੱਚ ਰਹਿਣ ਵਾਲੇ ਕਨੇਡਾ ਵਾਸੀਆਂ ਲਈ ਇਹ ਚੰਗੀ ਗੱਲ ਹੈ।

ਕਨੇਡਾ ਦੇ ਉਤਪਾਦਾਂ ਅਤੇ ਸੇਵਾਵਾਂ ਲਈ ਮੰਡੀਆਂ ਖੋਲ੍ਹ ਰਹੇ

ਕਨੇਡਾ ਸਰਕਾਰ ਕਨੇਡੀਅਨ ਉਤਪਾਦਾਂ ਅਤੇ ਸੇਵਾਵਾਂ ਦੀ ਬਰਾਮਦ ਵਧਾਉਣ ਲਈ ਦੁਨੀਆਂ ਭਰ ਦੀਆਂ ਮੰਡੀਆਂ ਖੋਲ੍ਹਣ ਵਾਸਤੇ ਸਖ਼ਤ ਯਤਨ ਕਰ ਰਹੀ ਹੈ। ਇਹ ਤੁਹਾਡੇ ਵਰਗੇ ਕਨੇਡੀਅਨ ਕਾਰੋਬਾਰੀ ਵਿਅਕਤੀਆਂ ਅਤੇ ਨਿਵੇਸ਼ਕਾਰਾਂ ਨੂੰ ਆਲਮੀ ਮੰਡੀਆਂ ਵਿੱਚ ਕਾਮਯਾਬ ਹੋਣ ਹਿਤ ਲੋੜੀਂਦੇ ਸਾਧਨ, ਪਹੁੰਚ ਅਤੇ ਹਿਮਾਇਤ ਪ੍ਰਦਾਨ ਕਰਨ ਲਈ ਪ੍ਰਤਿਬੱਧ ਹੈ।

ਵਪਾਰਕ ਇਕਰਾਰਨਾਮੇ ਅਤੇ ਸੌਦੇਬਾਜ਼ੀਆਂ

ਵਿਦੇਸ਼ੀ ਵਪਾਰ ਦੀ ਰਾਹ ਵਿੱਚ ਰੋਕਾਂ ਅਕਸਰ ਅਜਿਹੀਆਂ ਮੁਸ਼ਕਲਾਂ ਨੂੰ ਕਿਹਾ ਜਾਂਦਾ ਹੈ ਜੋ ਬਰਾਮਦ ਕਰਨ ਵਾਲੇ ਕਾਰੋਬਾਰਾਂ ਨੂੰ ਪੇਸ਼ ਆਉਂਦੀਆਂ ਹਨ। ਬੇਰੋਕ ਵਪਾਰ ਦੇ ਸਮਝੌਤੇ ਜਾਂ ਫ੍ਰੀ ਟਰੇਡ ਐਗਰੀਮੈਂਟ (ਐੱਫ.ਟੀ.ਏ.) ਅਤੇ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਅਤੇ ਇਸ ਦੀ ਹਿਫਾਜ਼ਤ ਕਰਨ ਦੇ ਸਮਝੌਤੇ (ਐੱਫ.ਆਈ.ਪੀ.ਏ.) ਅੱਗੇ ਦੱਸੇ ਕਦਮਾਂ ਰਾਹੀਂ ਇਨ੍ਹਾਂ ਰੋਕਾਂ ਨੂੰ ਸੰਬੋਧਿਤ ਹੁੰਦੇ ਹਨ:

  • ਮਹਿਸੂਲ ਘਟਾ ਕੇ ਜਾਂ ਹਟਾ ਕੇ
  • ਮਹਿਸੂਲ ਤੋਂ ਇਲਾਵਾ ਲੱਗਦੀਆਂ ਬੰਦਸ਼ਾਂ ਘਟਾ ਕੇ ਜਾਂ ਹਟਾ ਕੇ
  • ਮੰਡੀਆਂ ਤਕ ਪਹੁੰਚ ਵਧਾ ਕੇ
  • ਕਸਟਮਜ਼ ਜਾਂ ਸਰਹੱਦੀ ਸ਼ੁਲਕ ਰਾਹੀਂ ਲਾਂਘਾ ਆਸਾਨ ਬਣਾ ਕੇ
  • ਬੌਧਿਕ ਜਾਇਦਾਦ ਲਈ ਹਿਫਾਜ਼ਤ ਪ੍ਰਦਾਨ ਕਰ ਕੇ
  • ਨੇਮਬੱਧ ਕਰਨ ਵਾਲੀਆਂ ਵਧੇਰੇ ਕਾਰਗਰ ਅਤੇ ਪਾਰਦਰਸ਼ੀ ਕਾਰਵਾਈਆਂ ਪ੍ਰਦਾਨ ਕਰ ਕੇ
  • ਝਗੜਿਆਂ ਦੇ ਹੱਲ ਦੇ ਤਰੀਕੇ ਪ੍ਰਦਾਨ ਕਰ ਕੇ

ਸਾਡੀਆਂ ਇਨ੍ਹਾਂ ਪਹਿਲਕਦਮੀਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ (ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ  ਵਿੱਚ ਹੀ ਉਪਲਬਧ ਹੈ)।

ਖੇਤੀਬਾੜੀ ਉਤਪਾਦਾਂ ਲਈ ਮੰਡੀ ਤਕ ਰਸਾਈ

ਅਪ੍ਰੈਲ 2011 ਤੋਂ ਜੂਨ 2012 ਤਕ ਕਨੇਡਾ ਸਰਕਾਰ ਬਨਸਪਤੀ, ਜੰਤੂ ਅਤੇ ਭੋਜਨ ਉਤਪਾਦਾਂ ਦੀ ਇੱਕ ਵਿਆਪਕ ਜ਼ੱਦ ਲਈ ਮੰਡੀ ਤਕ ਪਹੁੰਚ ਮੁੜ ਖੋਲ੍ਹਣ, ਬਰਕਰਾਰ ਰੱਖਣ ਅਤੇ ਵਧਾਉਣ ਵਿੱਚ ਕਾਮਯਾਬ ਹੋਈ ਹੈ। ਮੁੱਖ ਪ੍ਰਾਪਤੀਆਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:

  • 30 ਮਹੀਨੇ ਤੋਂ ਘੱਟ ਦੀ ਉਮਰ ਦੇ ਕਨੇਡੀਅਨ ਬੀਫ਼ ਨੂੰ ਦੱਖਣੀ ਕੋਰੀਆ ਭੇਜਣ ਦੀ ਖੁੱਲ੍ਹ ਬਹਾਲ ਕਰਨੀ – ਉਦਯੋਗ ਦੇ ਅੰਦਾਜ਼ਿਆਂ ਮੁਤਾਬਕ ਇਸ ਖੁੱਲ੍ਹ ਨਾਲ 2015 ਤਕ ਸਲਾਨਾ $30 ਮਿਲੀਅਨ ਤਕ ਦੀ ਵਿਕਰੀ ਵਧ ਸਕਦੀ ਹੈ।
  • ਕਨੇਡਾ ਦੇ ਕੈਨੋਲਾ-ਆਧਾਰਤ ਉਤਪਾਦਾਂ ਲਈ ਚੀਨ ਦੀ ਮੰਡੀ ਤਕ ਪਹੁੰਚ ਬਰਕਰਾਰ ਰੱਖਣਾ – 2011 ਵਿੱਚ ਇਹ ਮੰਡੀ $$1.6 ਬਿਲੀਅਨ ਮੁੱਲ ਦੀ ਸੀ
  • ਅਮਰੀਕਾ ਮੂਲ ਦੇਸ਼ ਦੀ ਲੇਬਲ ਮੰਗ ਵਿਰੁੱਧ ਟਰੇਡ ਆਰਗੇਨਾਈਜ਼ੇਸ਼ਨ ਹੁਕਮ ਪ੍ਰਾਪਤ ਕਰਨਾ, ਜਿਸ ਕਾਰਣ ਕਨੇਡਾ ਦੇ ਪਸ਼ੂ ਅਤੇ ਸੂਰ ਉਤਪਾਦਕਾਂ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ।

ਵਧੇਰੇ ਜਾਣਕਾਰੀ ਲਈ 2011-2012 ਦੀ ਖੇਤੀਬਾੜੀ ਅਤੇ ਖੇਤੀ-ਭੋਜਨ ਪਦਾਰਥ ਮੰਡੀ ਤਕ ਪਹੁੰਚ ਬਾਰੇ ਰਿਪੋਰਟ ਪੜ੍ਹੋ। (ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੀ ਉਪਲਬਧ ਹੈ)।

ਮਹਿਸੂਲ

ਸੰਨ 2009 ਤੋਂ ਲੈ ਕੇ ਕਨੇਡਾ ਸਰਕਾਰ ਨੇ ਮਹਿਸੂਲ ਦੀਆਂ 1,800 ਮੱਦਾਂ ਖਤਮ ਕੀਤੀਆਂ ਹਨ ਅਤੇ ਕਨੇਡਾ ਦੇ ਕਾਰੋਬਾਰਾਂ ਲਈ ਮਹਿਸੂਲ ਵਿੱਚ $$435 ਮਿਲੀਅਨ ਦੀ ਸਾਲਾਨਾ ਰਾਹਤ ਪ੍ਰਦਾਨ ਕੀਤੀ ਹੈ।

ਏਸ਼ੀਆ-ਪ੍ਰਸ਼ਾਂਤ ਦੁਆਰ ਅਤੇ ਲਾਂਘੇ ਬਾਰੇ ਪਹਿਲ

ਏਸ਼ੀਆ-ਪ੍ਰਸ਼ਾਂਤ ਦੁਆਰ ਅਤੇ ਲਾਂਘੇ ਬਾਰੇ ਪਹਿਲ (Asia-Pacific Gateway and Corridor Initiative) ਅਜਿਹੇ ਤਰੀਕੇ ਨਾਲ ਕਨੇਡਾ ਦੀ ਆਵਾਜਾਈ ਪ੍ਰਣਾਲੀ ਨੂੰ ਸੁਧਾਰਨ ਦੀ ਕਨੇਡਾ ਸਰਕਾਰ ਦੀ ਇੱਕ ਪਹਿਲ ਹੈ ਜੋ ਏਸ਼ੀਆ ਨਾਲ ਕਨੇਡਾ ਦੇ ਅੰਤਰਰਾਸ਼ਟਰੀ ਵਪਾਰਕ ਮੰਤਵਾਂ ਦੀ ਹਿਮਾਇਤ ਕਰੇ। ਮੁਕੰਮਲ ਹੋਈ ਪ੍ਰਣਾਲੀ ਆਲਮੀ ਪੱਧਰ ਦੀਆਂ ਢੋਆ-ਢੁਆਈ ਅਤੇ ਵਿਤਰਣ ਪ੍ਰਣਾਲੀਆਂ ਤਕ ਪਹੁੰਚ ਪੇਸ਼ ਕਰੇਗੀ ਅਤੇ ਉਤਪਾਦਾਂ ਦੀ ਬਰਾਮਦ ਲਈ ਕਾਰਗਰ ਅਤੇ ਭਰੋਸੇਮੰਦ ਮਾਰਗ ਹਾਸਲ ਕਰੇਗੀ।

ਏਸ਼ੀਆ-ਪ੍ਰਸ਼ਾਂਤ ਦੁਆਰ ਅਤੇ ਲਾਂਘੇ ਬਾਰੇ ਪਹਿਲ ਕਨੇਡਾ ਨੂੰ ਏਸ਼ੀਆ ਅਤੇ ਉੱਤਰੀ ਅਮਰੀਕਾ ਦਰਮਿਆਨ ਪਸੰਦੀਦਾ ਦੁਆਰ ਵਜੋਂ ਸਥਾਪਤ ਕਰਨ ਬਾਰੇ ਹੈ: ਉੱਤਰੀ ਅਮਰੀਕਾ ਦੀਆਂ ਬਾਕੀ ਸਮੁੰਦਰੀ ਬੰਦਰਗਾਹਾਂ ਦੇ ਮੁਕਾਬਲੇ ਕਨੇਡਾ ਦੇ ਪੱਛਮੀ ਕੰਢੇ ਦਾ ਸਫ਼ਰ ਏਸ਼ੀਆਈ ਮੰਡੀਆਂ ਤੋਂ ਦੋ ਦਿਨ ਘੱਟ ਹੈ।

ਏਸ਼ੀਆ-ਪ੍ਰਸ਼ਾਂਤ ਦੁਆਰ ਅਤੇ ਲਾਂਘੇ ਬਾਰੇ ਪਹਿਲ ਬਾਰੇ ਵਧੇਰੇ ਜਾਣਕਾਰੀ ਲਈ ਮਿਹਰਬਾਨੀ ਕਰ ਕੇ ਏਸ਼ੀਆ-ਪ੍ਰਸ਼ਾਂਤ ਦੁਆਰ ਅਤੇ ਲਾਂਘੇ ਬਾਰੇ ਪਹਿਲ ਦੀ ਵੈੱਬਸਾਈਟ ਵੇਖੋ। (ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੀ ਉਪਲਬਧ ਹੈ)।

ਵਪਾਰਕ ਕਮਿਸ਼ਨਰ ਸੇਵਾ

ਕਨੇਡੀਅਨ ਟਰੇਡ ਕਮਿਸ਼ਨਰ ਸਰਵਿਸ ਜਾਂ ਟੀ.ਸੀ.ਐੱਸ. [Canadian Trade Commissioner Service (TCS)] ਕੰਪਨੀਆਂ ਨੂੰ ਅੰਤਰਰਾਸ਼ਟਰੀ ਮੰਡੀਆਂ ਦੀਆਂ ਪੇਚੀਦਗੀਆਂ ਨਾਲ ਸਿੱਝਣ ਅਤੇ ਚੰਗੇਰੇ ਕਾਰੋਬਾਰੀ ਫ਼ੈਸਲੇ ਕਰਨ ਵਿੱਚ ਮਦਦ ਕਰਦੀ ਹੈ। ਟੀ.ਸੀ.ਐੱਸ. ਦੁਨੀਆਂ ਭਰ ਵਿੱਚ 150 ਤੋਂ ਵੀ ਵਧੇਰੇ ਸ਼ਹਿਰਾਂ ਵਿੱਚ ਮੌਜੂਦ ਹੈ ਅਤੇ ਇਹ ਕਨੇਡੀਅਨ ਕੰਪਨੀਆਂ ਲਈ ਮੰਡੀ ਬਾਰੇ ਸੂਹਾਂ ਹਾਸਲ ਕਰਦਿਆਂ ਅਤੇ ਮੌਕੇ ਲੱਭਦਿਆਂ ਕਾਰੋਬਾਰਾਂ ਲਈ ਲਾਗਤਾਂ ਅਤੇ ਜ਼ੋਖਮ ਘਟਾਉਂਦੀ ਹੈ।

ਅੰਤਰਰਾਸ਼ਟਰੀ ਮੰਡੀਆਂ ਬਾਰੇ ਵਧੇਰੇ ਜਾਣਕਾਰੀ ਲਈ ਕਿਸੇ ਟਰੇਡ ਕਮਿਸ਼ਨਰ ਨਾਲ ਗੱਲ ਕਰੋ। (ਇਹ ਜਾਣਕਾਰੀ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੀ ਉਪਲਬਧ ਹੈ)।

ਇਸ ਵੈੱਬਸਾਈਟ ਦੀ ਬਾਕੀ ਜਾਣਕਾਰੀ ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੀ ਉਪਲਬਧ ਹੈ।